Gurbani Websites



  • ਹੋਰ ਵੈੱਬ ਸਰੋਤ

  • Sikhgurdwara.blogspot.com



    ਗੁਰਬਾਣੀ ਦੇ ਅਧਿਐਨ/ਅਧਿਆਪਨ ਲਈ ਕੰਪਿਊਟਰ ਕੀ ਭੂਮਿਕਾ ਨਿਭਾ ਸਕਦਾ ਹੈ ?

    ਗੁਰਬਾਣੀ ਦੇ ਅਧਿਐਨ/ਅਧਿਆਪਨ ਲਈ ਕੰਪਿਊਟਰ ਅਤੇ ਇੰਟਰਨੈੱਟ ਮਹੱਤਵਪੂਰਨ ਔਜ਼ਾਰ ਦੇ ਰੂਪ ਵਿਚ ਸਾਹਮਣੇ ਆਏ ਹਨ। ਗੁਰਬਾਣੀ ਅਤੇ ਸਿੱਖ ਧਰਮ ਨਾਲ ਸਬੰਧਿਤ ਅਨੇਕਾਂ ਵੈੱਬਸਾਈਟਾਂ ਅਤੇ ਸਾਫ਼ਟਵੇਅਰਾਂ ਦਾ ਵਿਕਾਸ ਹੋ ਚੁੱਕਾ ਹੈ।

    ਸ. ਬਲਵੰਤ ਸਿੰਘ ਉੱਪਲ ਦਾ ਕੰਮ

    ਅਸਟਰੇਲੀਆ ਦੇ ਸ. ਬਲਵੰਤ ਸਿੰਘ ਉੱਪਲ ਨੇ ਸਾਲ 1995 ਵਿਚ ਗੁਰਬਾਣੀ ਨੂੰ ਕੰਪਿਊਟਰ 'ਤੇ ਪਾਉਣ ਦਾ ਸ਼ਲਾਘਾਯੋਗ ਕੰਮ ਕੀਤਾ ਸੀ। ਭਾਵੇਂ ਇਸ ਪ੍ਰੋਗਰਾਮ ਵਿਚ ਗੁਰਬਾਣੀ ਦੇ ਸਰਚ ਇੰਜਨ ਦੀ ਸੁਵਿਧਾ ਵੀ ਸ਼ੁਮਾਰ ਸੀ ਪਰ ਇਹ ਸਿਰਫ਼ ਡਾਸ ਆਪਰੇਟਿੰਗ ਸਿਸਟਮ ਉੱਤੇ ਹੀ ਚੱਲ ਸਕਦਾ ਸੀ। ਵੈੱਬਸਾਈਟ sikhs.org ਦੇ ਇੱਕ ਪੰਨੇ 'ਤੇ ਸ. ਉੱਪਲ ਬਾਰੇ ਲਿਖਿਆ ਹੋਇਆ ਹੈ ਕਿ ''ਉਨ੍ਹਾਂ ਦਾ ਇਹ ਸੀ.ਡੀ.-ਰੋਮ ਨਹੀਂ ਸਗੋਂ ਫ਼ਲੌਪੀ ਆਧਾਰਿਤ ਪ੍ਰੋਗਰਾਮ ਹੈ''। ਸ. ਉੱਪਲ ਨੇ ਆਪਣੇ ਪ੍ਰੋਗਰਾਮ ਦੇ ਇੱਕ ਭਾਗ ਵਿਚ ਲਿਖਿਆ ਹੈ ਕਿ ਉਸ ਦੇ ਇਸ ਉਪਰਾਲੇ ਲਈ ਉਸ ਦੀ ਧਰਮ ਪਤਨੀ ਦਾ ਵਿਸ਼ੇਸ਼ ਯੋਗਦਾਨ ਹੈ। ਜੇਕਰ ਸ. ਉੱਪਲ ਇਸ ਵਿਲੱਖਣ ਪ੍ਰੋਗਰਾਮ ਨੂੰ ਅਜੋਕੀ ਤਕਨਾਲੋਜੀ ਦੇ ਹਾਣ ਦਾ ਬਣਾ ਕੇ ਇੰਟਰਨੈੱਟ 'ਤੇ ਪਾ ਦੇਣ ਤਾਂ ਬਹੁਤ ਹੀ ਚੰਗਾ ਹੋਵੇਗਾ।

    srigranth.org

    ਇਸ ਵੈੱਬਸਾਈਟ ਦਾ ਨਿਰਮਾਣ ਅਮਰੀਕਾ ਦੇ ਡਾ. ਕੁਲਬੀਰ ਸਿੰਘ ਥਿੰਦ ਦੁਆਰਾ ਕੀਤਾ ਗਿਆ ਹੈ। ਡਾ. ਥਿੰਦ ਪਹਿਲੇ ਵਿਅਕਤੀ ਹਨ ਜਿਨ੍ਹਾਂ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਡਿਜ਼ੀਟਾਈਜੇਸ਼ਨ ਕੀਤੀ। ਇਸੇ ਪ੍ਰਕਾਰ ਗੁਰਬਾਣੀ ਦੀ ਸੀ.ਡੀ. ਵੀ ਸਭ ਤੋਂ ਪਹਿਲਾਂ ਉਨ੍ਹਾਂ ਨੇ ਤਿਆਰ ਕੀਤੀ। ਇਸ ਮਗਰੋਂ ਡਾ. ਥਿੰਦ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਡਾਟਾਬੇਸ ਅਤੇ ਹੋਰ ਮਹੱਤਵਪੂਰਨ ਤਕਨੀਕੀ ਫਾਈਲਾਂ ਦਾ ਵਿਕਾਸ ਕਰ ਕੇ ਇੱਕ ਉਪਕਾਰ ਵਾਲਾ ਕੰਮ ਕੀਤਾ।ਇਸ ਵੈੱਬਸਾਈਟ ਵਿਚ ਡਾ. ਥਿੰਦ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਵਿਸ਼ੇਸ਼ ਸਰਚ ਇੰਜਨ ਮੁਹੱਈਆ ਕਰਵਾਇਆ ਹੈ। ਇਸ ਸਰਚ ਇੰਜਨ 'ਤੇ ਕੋਈ ਵੀ ਤੁਕ, ਸ਼ਬਦ, ਵਾਕਾਂਸ਼, ਜਾਂ ਪੰਕਤੀ ਟਾਈਪ ਕਰ ਕੇ ਉਸ ਬਾਰੇ ਮਹੱਤਵਪੂਰਨ ਜਾਣਕਾਰੀ ਲੱਭੀ ਜਾ ਸਕਦੀ ਹੈ।

    ik13.com

    ਇੱਕ ਤੇਰਾ ਡਾਟ ਕਾਮ 'ਤੇ ਈਸ਼ਰ ਮਾਈਕ੍ਰੋਮੀਡੀਆ, ਗੁਰਬਾਣੀ ਕੀਰਤਨ, ਵੀਡੀਓ ਰਿਕਾਰਡਿੰਗ ਉਪਲਬਧ ਹੈ ਤੇ ਮਹਾਨ ਕੋਸ਼ ਨੂੰ ਡਾਊਨਲੋਡ ਕਰਨ ਦੀ ਵਿਵਸਥਾ ਹੈ। ਇਸ ਵੈੱਬਸਾਈਟ 'ਤੇ ਸਬੰਧਿਤ ਵਿਸ਼ੇ ਬਾਰੇ ਹੋਰ ਅਨੇਕਾਂ ਲਿੰਕ ਦਰਸਾਏ ਗਏ ਹਨ।ਈਸ਼ਰ ਮਾਈਕ੍ਰੋਮੀਡੀਆ ਸਾਫ਼ਟਵੇਅਰ ਸਿੱਖ ਵਿਦਵਾਨਾਂ, ਖੋਜਾਰਥੀਆਂ, ਕੰਪਿਊਟਰ ਤੇ ਇੰਟਰਨੈੱਟ ਵਰਤੋਂਕਾਰ ਲਈ ਇੱਕ ਅਨਮੋਲ ਤੋਹਫ਼ਾ ਹੈ। ਇਸ ਸਾਫ਼ਟਵੇਅਰ ਨੂੰ ਇਸ ਵੈੱਬਸਾਈਟ ਤੋਂ ਮੁਫ਼ਤ ਵਿਚ ਡਾਊਨਲੋਡ ਕਰ ਕੇ ਵਰਤਿਆ ਜਾ ਸਕਦਾ ਹੈ। ਇਹ ਗੁਰਬਾਣੀ, ਸਿੱਖੀ ਅਤੇ ਸਿੱਖ ਇਤਿਹਾਸ ਬਾਰੇ ਮੁੱਢਲੀ ਅਤੇ ਵਿਸਥਾਰ ਪੂਰਵਕ ਸਮਗਰੀ ਮੁਹੱਈਆ ਕਰਵਾਉਣ ਵਾਲਾ ਇੱਕ ਮਹੱਤਵਪੂਰਨ ਸੋਮਾ ਹੈ। ਇਸ ਸਾਫ਼ਟਵੇਅਰ ਦਾ ਨਾਮ ਸਿੱਖ ਧਰਮ ਦੇ ਮਹਾਨ ਸੰਤ ਬਾਬਾ ਈਸ਼ਰ ਸਿੰਘ ਅਤੇ ਸੰਤ ਕਿਸ਼ਨ ਸਿੰਘ ਦੇ ਨਾਮ 'ਤੇ ਰੱਖਿਆ ਗਿਆ। ਇਹ ਪਵਿੱਤਰ ਕਾਰਜ ਰਾੜਾ ਸਾਹਿਬ ਦੇ ਮੌਜੂਦਾ ਮੁਖੀ ਸੰਤ ਤੇਜਾ ਸਿੰਘ ਜੀ ਦੇ ਅਸ਼ੀਰਵਾਦ ਨਾਲ ਸੰਪੂਰਨ ਹੋਇਆ। ਇਸ ਮਹੱਤਵਪੂਰਨ ਸਾਫ਼ਟਵੇਅਰ ਦੇ ਨਿਰਮਾਣ ਲਈ ਬਾਬਾ ਬਲਜਿੰਦਰ ਸਿੰਘ ਨੇ ਨਿਰਸਵਾਰਥ ਸੇਵਾ ਕਰ ਕੇ ਇੱਕ ਉਪਕਾਰ ਵਾਲਾ ਕੰਮ ਕੀਤਾ ਹੈ। ਇਸ ਪ੍ਰੋਗਰਾਮ ਦਾ ਡਾਟਾਬੇਸ ਬਣਾਉਣ 'ਚ ਅਮਰੀਕਾ ਦੇ ਡਾ. ਕੁਲਬੀਰ ਸਿੰਘ ਥਿੰਦ ਦਾ ਮਹੱਤਵਪੂਰਨ ਯੋਗਦਾਨ ਹੈ।
    ਇਸ ਵਿਲੱਖਣ ਸਾਫ਼ਟਵੇਅਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਟੀਕੇ, ਵਾਰਾਂ, ਭਾਈ ਗੁਰਦਾਸ ਜੀ ਦਾ ਕਬਿੱਤ, ਮਹਾਨ ਕੋਸ਼, ਫ਼ਰੀਦਕੋਟ ਵਾਲਾ ਟੀਕਾ, ਭਾਈ ਸੰਤੋਖ ਸਿੰਘ ਦਾ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ, ਗਿਆਨੀ ਗਿਆਨ ਸਿੰਘ ਜੀ ਦਾ ਤਵਾਰੀਖ ਗੁਰੂ ਖ਼ਾਲਸਾ ਆਦਿ ਸਰੋਤ ਸ਼ਾਮਿਲ ਹਨ। ਸਾਫ਼ਟਵੇਅਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਸ਼ਕਤੀਸ਼ਾਲੀ ਸਰਚ ਇੰਜਨ ਮੁਹੱਈਆ ਕਰਵਾਇਆ ਗਿਆ ਹੈ। ਇਸ ਸਰਚ ਇੰਜਨ ਦੀ ਮਦਦ ਨਾਲ ਵਰਤੋਂਕਾਰ ਕਿਸੇ ਵਿਸ਼ੇ ਸ਼ਬਦ, ਤੁਕ ਜਾਂ ਵਾਕ ਆਦਿ ਦੀ ਖੋਜ ਕਰ ਸਕਦਾ ਹੈ। ਵੈੱਬਸਾਈਟ ਵਿਚ ਸਿੱਖ ਧਰਮ ਨਾਲ ਸੰਬੰਧਿਤ ਹੋਰਨਾਂ ਸਰੋਤਾਂ ਬਾਰੇ ਜਾਣਕਾਰੀ ਦੇ ਲਿੰਕ ਉਪਲਬਧ ਹਨ।

    learnpunjabi.org.in/elib/unicode.aspx

    ਇਹ ਵੈੱਬਸਾਈਟ ਪੁਰਾਤਨ ਜਨਮ-ਸਾਖੀ ਨਾਲ ਸਬੰਧਿਤ ਹੈ। ਵੈੱਬਸਾਈਟ 'ਤੇ ਸਰਚ ਕਰਨ ਦੀ ਸੁਵਿਧਾ ਵੀ ਉਪਲਬਧ ਹੈ। ਵਰਤੋਂਕਾਰ ਜਨਮ-ਸਾਖੀ ਨੂੰ ਗੁਰਮੁਖੀ, ਦੇਵਨਾਗਰੀ, ਰੋਮਨ ਅਤੇ ਸ਼ਾਹਮੁਖੀ ਵਿਚ ਪੜ੍ਹ ਸਕਦਾ ਹੈ। ਇਸ ਜਨਮ-ਸਾਖੀ ਦੀ ਬਹੁਤ ਵੱਡੀ ਇਤਿਹਾਸਕ ਮਹੱਤਤਾ ਹੈ। ਜਨਮ-ਸਾਖੀ ਦਾ ਆਨ-ਲਾਈਨ ਸ਼ਾਹਮੁਖੀ ਵਿਚ ਉਪਲਬਧ ਹੋਣਾ ਉਰਦੂ ਬੋਲਣ ਵਾਲੇ ਖੋਜ਼ਕਾਰਤਾਵਾਂ ਅਤੇ ਪਾਕਿਸਤਾਨ, ਅਫ਼ਗਾਨਿਸਤਾਨ, ਈਰਾਨ, ਇਰਾਕ ਅਤੇ ਹੋਰਨਾਂ ਮੁਸਲਿਮ ਦੇਸ਼ਾਂ ਵਿਚ ਵੱਸਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂਆਂ ਲਈ ਕਾਫ਼ੀ ਲਾਹੇਵੰਦ ਸਿੱਧ ਹੋਵੇਗਾ। ਇਹ ਵੈੱਬਸਾਈਟ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ, ਸਾਹਿੱਤ ਅਤੇ ਸਭਿਆਚਾਰ ਦੇ ਤਕਨੀਕੀ ਵਿਕਾਸ ਦੇ ਉੱਚਤਮ ਕੇਂਦਰ ਵਿਖੇ ਡਾ. ਗੁਰਪ੍ਰੀਤ ਸਿੰਘ ਲਹਿਲ ਦੀ ਅਗਵਾਈ ਹੇਠ ਤਿਆਰ ਕੀਤੀ ਗਈ ਹੈ।

    sgpc.net

    ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈੱਬਸਾਈਟ ਹੈ। ਇਸ 'ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਜਾਰੀ ਹੁਕਮਨਾਮੇ ਨੂੰ ਪੜ੍ਹਿਆ ਅਤੇ ਸੁਣਿਆ ਜਾ ਸਕਦਾ ਹੈ। ਵੈੱਬਸਾਈਟ 'ਤੇ ਗੁਰਬਾਣੀ ਦੇ ਲਾਈਵ ਕੀਰਤਨ ਸੁਣਨ ਦੀ ਵਿਵਸਥਾ ਤਾਂ ਹੈ ਹੀ ਨਾਲ ਤੁਸੀਂ 'ਕੀਰਤਨ' ਨਾਮਕ ਲਿੰਕ ਤੋਂ ਕੀਰਤਨ ਦੇ ਰਿਕਾਰਡ ਕੀਤੇ ਹੋਏ ਪ੍ਰੋਗਰਾਮ ਵੀ ਸੁਣ ਸਕਦੇ ਹੋ। ਵੈੱਬਸਾਈਟ ਉੱਤੇ ਆਨ-ਲਾਈਨ ਪ੍ਰਕਾਸ਼ਨਾਵਾਂ, ਖ਼ਬਰਾਂ, ਅਰਦਾਸ, ਪੁਸਤਕਾਂ ਅਤੇ ਇਤਿਹਾਸ ਤਰੀਕਾਂ ਬਾਰੇ ਵੱਖਰੇ-ਵੱਖਰੇ ਲਿੰਕਸ ਰਾਹੀਂ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ।
    ਵੈੱਬਸਾਈਟ ਦੇ ਮੁੱਖ ਪੰਨੇ ਦੇ ਐਨ ਖੱਬੇ ਪਾਸੇ ਨਜ਼ਰ ਆਉਣ ਵਾਲੇ 'ਸਿੱਖਇਜ਼ਮ' ਨਾਂ ਦੇ ਲਿੰਕ ਨੂੰ ਕਲਿੱਕ ਕਰਨ ਉਪਰੰਤ ਇੱਕ ਨਵਾਂ ਪੰਨਾ ਖੁੱਲ੍ਹਦਾ ਹੈ ਜਿਸ 'ਤੇ ਸਿੱਖੀ ਦੇ ਸਿਧਾਂਤਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। 'ਟੈੱਨ ਗੁਰੂਜ਼' ਲਿੰਕ 'ਤੇ ਦਸ ਗੁਰੂ ਸਾਹਿਬਾਨਾਂ ਬਾਰੇ ਸੰਖੇਪ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਇਸ ਦੇ ਹੇਠਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ, ਸੰਗ੍ਰਹਿ, ਸੰਪਾਦਨਾ ਅਤੇ ਪ੍ਰਕਾਸ਼ਨਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਹੈ। 'ਰਹਿਤ ਮਰਯਾਦਾ' ਨਾਮਕ ਲਿੰਕ ਸਬੰਧਿਤ ਪੰਨੇ ਉੱਤੇ ਇੱਕ ਸੱਚੇ ਸਿੱਖ ਦੀ ਪਰਿਭਾਸ਼ਾ ਦਿੰਦਿਆਂ ਲਿਖਿਆ ਗਿਆ ਹੈ ਕਿ, ''ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤਕ), ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ''।
    ਜੇਕਰ ਆਪ ਨੂੰ ਪੰਜਾਬੀ ਟੈਕਸਟ ਪੜ੍ਹਨ 'ਚ ਦਿੱਕਤ ਆ ਰਹੀ ਹੈ ਤਾਂ ਵੈੱਬਸਾਈਟ ਦੇ ਹੇਠਲੇ ਪਾਸੇ ਦਿੱਤੇ 'ਫੌਂਟ ਡਾਊਨਲੋਡ' ਲਿੰਕ ਤੋਂ 'ਵੈੱਬ ਅੱਖਰ ਸਲਿੱਮ' ਨਾਂ ਦਾ ਫੌਂਟ ਡਾਊਨਲੋਡ ਕੀਤਾ ਜਾ ਸਕਦਾ ਹੈ।
    ਇਸ ਤੋਂ ਇਲਾਵਾ ਭਾਰਤ ਅਤੇ ਪਾਕਿਸਤਾਨ ਵਿਚ ਸਥਿਤ ਇਤਿਹਾਸਕ ਗੁਰਦੁਆਰਿਆਂ, ਹਰਿਮੰਦਰ ਸਾਹਿਬ ਦੇ ਇਤਿਹਾਸ, ਗੁਰਪੁਰਬ, ਸਿੱਖ ਧਰਮ ਨਾਲ ਸਬੰਧਿਤ ਇਤਿਹਾਸਕ ਤਾਰੀਖ਼ਾਂ ਅਤੇ ਘਟਨਾਵਾਂ ਬਾਰੇ ਵੱਖਰੇ ਲਿੰਕ ਪ੍ਰਦਾਨ ਕਰਵਾਏ ਗਏ ਹਨ। ਵੈੱਬਸਾਈਟ ਦੇ ਮੁੱਖ ਪੰਨੇ ਦੇ ਹੇਠਲੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਤਿਆਰ ਕਰਵਾਈ ਦਸਤਾਵੇਜ਼ੀ ਫ਼ਿਲਮ ''ਚਰਨ ਚਲਉ ਮਰਗਿ ਗੋਬਿੰਦ'' ਨੂੰ ਵੇਖਣ ਲਈ ਵਿਸ਼ੇਸ਼ ਲਿੰਕ ਮੁਹੱਈਆ ਗਿਆ ਹੈ। ਤਕਨੀਕੀ ਅਤੇ ਡਿਜ਼ਾਈਨਿੰਗ ਪੱਖ ਤੋਂ ਵੈੱਬਸਾਈਟ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ ਪਰ ਲਗਭਗ ਸਾਰੇ ਲਿੰਕ ਅਤੇ ਉਨ੍ਹਾਂ ਬਾਰੇ ਮੁਹੱਈਆ ਕਰਵਾਈ ਸਮਗਰੀ (ਇੱਕ ਅੱਧੇ ਪੰਨੇ ਨੂੰ ਛੱਡ ਕੇ) ਅੰਗਰੇਜ਼ੀ ਵਿਚ ਹੋਣ ਕਾਰਨ ਪੰਜਾਬੀ ਪਾਠਕਾਂ ਦੀ ਸਮਝ ਤੋਂ ਬਾਹਰ ਹੈ। ਚੰਗਾ ਹੋਵੇ ਜੇਕਰ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ (ਗੁਰਮੁਖੀ) ਵਿਚ ਜਾਣਕਾਰੀ ਦੇਣ ਵਾਲਾ ਇੱਕ ਵੱਖਰਾ ਪੰਨਾ ਤਿਆਰ ਕਰਵਾਇਆ ਜਾਵੇ।

    gurbanikatha.com

    ਜੇਕਰ ਤੁਸੀਂ ਸਿੱਖ ਧਰਮ ਦੇ ਪ੍ਰਸਿੱਧ ਕਥਾ-ਵਾਚਕ ਪ੍ਰੋ. ਸਰਬਜੀਤ ਸਿੰਘ ਗੋਬਿੰਦਪੁਰੀ ਦੀ ਮਿੱਠੀ ਆਵਾਜ਼ ਵਿਚ ਕਥਾ ਸੁਣਨਾ ਚਾਹੁੰਦੇ ਹੋ ਤਾਂ ਸਿੱਧਾ ਇਸ ਵੈੱਬਸਾਈਟ 'ਤੇ ਜਾਓ। ਵੈੱਬਸਾਈਟ ਦੇ ਪਹਿਲੇ ਪੰਨੇ 'ਤੇ ਦਰਸਾਇਆ ਗਿਆ ਹੈ ਕਿ ਅਜੋਕੀ ਪੀੜ੍ਹੀ ਪੰਜਾਬੀ (ਗੁਰਮੁਖੀ) ਤੋਂ ਮੂੰਹ ਮੋੜ ਰਹੀ ਹੈ। ਸੋ ਉਨ੍ਹਾਂ ਨੂੰ ਗੁਰਬਾਣੀ ਨਾਲ ਜੋੜਨ ਲਈ ਅੰਗਰੇਜ਼ੀ ਤਰਜਮੇ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਵੈੱਬਸਾਈਟ ਦੇ 'ਪੰਜਾਬੀ ਕਥਾ' ਨਾਮਕ ਲਿੰਕ ਤੇ ਕਲਿੱਕ ਕਰਦਿਆਂ ਕਥਾਵਾਂ ਦੀ ਸਿਰਲੇਖ ਸੂਚੀ ਖੁੱਲ੍ਹ ਜਾਂਦੀ ਹੈ। ਇਸ ਵਿਚ ਤੁਸੀਂ ਕਿਸੇ ਵੀ ਸਿਰਲੇਖ ਉੱਤੇ ਕਲਿੱਕ ਕਰ ਕੇ ਗੁਰਬਾਣੀ ਦਾ ਅਨੰਦ ਲੈ ਸਕਦੇ ਹੋ। ਵੈੱਬਸਾਈਟ ਤੋਂ ਨਿੱਤਨੇਮ ਦਾ ਉਚਾਰਨ ਅਤੇ ਸੁਖਮਣੀ ਸਾਹਿਬ ਦਾ ਪਾਠ ਵੀ ਸੁਣਿਆ ਜਾ ਸਕਦਾ ਹੈ। ਮੁੱਕਦੀ ਗੱਲ ਕਿ ਇਹ ਆਪਣੇ ਆਪ ਵਿਚ ਇੱਕ ਵਿਲੱਖਣ ਵੈੱਬਸਾਈਟ ਹੈ।

    sikhnet.com

    ਇਹ ਇੱਕ ਸੁੰਦਰ ਬੈਨਰ ਨਾਲ ਸਜੀ ਵੈੱਬਸਾਈਟ ਸਿੱਖ ਭਾਈਚਾਰੇ ਨੂੰ ਸਮਰਪਿਤ ਹੈ।ਵੈੱਬਸਾਈਟ ਦੁਨੀਆ ਭਰ ਦੇ 26,000 ਸਿੱਖਾਂ ਦੇ ਈ-ਮੇਲ ਨੈੱਟਵਰਕ ਨਾਲ ਜੁੜੀ ਹੋਈ ਹੈ। ਕੋਈ ਵਰਤੋਂਕਾਰ ਸਿੱਖ ਨੈੱਟ, ਅਨਾਊਂਸਮੈਂਟਸ, ਹੁਕਮਨਾਮਾ, ਸਿੱਖ ਖ਼ਬਰਾਂ, ਬੱਚਿਆਂ ਦੀਆਂ ਸ਼੍ਰਵਣੀ (ਆਡੀਓ) ਕਹਾਣੀਆਂ ਆਦਿ ਆਪਣੀ ਈ-ਮੇਲ ਤੇ ਪੜ੍ਹ ਸਕਦਾ ਹੈ। ਅਜਿਹਾ ਕਰਨ ਲਈ ਸਾਈਟ ਦੇ ਹੋਮ ਪੰਨੇ ਦੇ ਬਿਲਕੁਲ ਹੇਠਲੇ ਪਾਸੇ ਤੋਂ ਮਨ-ਮਰਜ਼ੀ ਦੀ ਆਪਸ਼ਨ ਲਓ। 'ਸਬ-ਸਕਰਾਈਬ' ਵਾਲੇ ਪੰਨੇ 'ਚ ਅਪਣਾ ਈ-ਮੇਲ ਖਾਤਾ ਭਰ ਦਿਓ ਤੇ ਬਟਨ ਦਬਾ ਦਿਓ।
    ਤਕਨੀਕੀ ਅਤੇ ਸਮਗਰੀ ਪੱਖੋਂ ਸੰਪੂਰਨ ਤੇ ਆਕਰਸ਼ਕ ਇਸ ਵੈੱਬਸਾਈਟ ਨੂੰ ਨਵੀਂ ਪੀੜ੍ਹੀ ਦੀ ਵੈੱਬਸਾਈਟ ਦਾ ਦਰਜਾ ਦਿੱਤਾ ਜਾ ਸਕਦਾ ਹੈ। ਵੈੱਬਸਾਈਟ ਦੇ ਉੱਪਰਲੇ ਕਿਨਾਰੇ ਤੇ ਖੱਬੇ ਤੋਂ ਸੱਜੇ ਈ-ਮੇਲ, ਡਿਸਕਸ਼ਨ, ਹੁਕਮਨਾਮਾ, ਮੈਟਰੀਮੋਨੀਅਲ, ਇੰਟਰੋਡਕਸ਼ਨ-ਟੂ-ਸਿੱਖਿਜ਼ਮ ਆਦਿ ਲਿੰਕ ਉਪਲਬਧ ਹਨ। 'ਡਿਸਕਸ਼ਨ' ਲਿੰਕ 'ਤੇ ਕਲਿੱਕ ਕਰ ਕੇ ਤੁਸੀਂ ਸਿੱਖ ਧਰਮ ਅਤੇ ਆਮ ਜ਼ਿੰਦਗੀ ਨਾਲ ਜੁੜੇ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕਰ ਸਕਦੇ ਹੋ।
    'ਹੁਕਮਨਾਮਾ' ਵਾਲੇ ਲਿੰਕ ਤੇ ਰੋਜ਼ਾਨਾ ਹੁਕਮਨਾਮਾ ਦੇਖਣ 'ਤੇ ਸੁਣਨ ਦੀ ਸੁਵਿਧਾ ਹੈ।ਇਸੇ ਪ੍ਰਕਾਰ ਮੈਟਰੀਮੋਨੀਅਲ ਲਿੰਕ ਤੇ ਕਲਿੱਕ ਕਰ ਕੇ ਵਿਆਹ ਸਬੰਧੀ ਇਸ਼ਤਿਹਾਰ ਦੇਣ/ਪੜ੍ਹਨ ਦੀ ਸੁਵਿਧਾ ਵੀ ਉਪਲਬਧ ਹੈ। 'ਇੰਟਰੋਡਕਸ਼ਨ' ਵਾਲੇ ਲਿੰਕ ਤੇ ਸਿੱਖੀ ਬਾਰੇ ਸੰਖੇਪ ਜਾਣ-ਪਛਾਣ ਨੂੰ ਸ਼ਾਮਿਲ ਕੀਤਾ ਗਿਆ ਹੈ।
    ਵੈੱਬਸਾਈਟ ਦੇ ਬੈਨਰ ਦੇ ਹੇਠਾਂ ਨਜ਼ਰ ਆਉਣ ਵਾਲੀ ਨੀਲੀ ਪੱਟੀ 'ਤੇ ਕੁੱਝ ਲਿੰਕ ਅਤੇ ਉਪ-ਲਿੰਕ ਦਰਸਾਏ ਗਏ ਹਨ।'ਨਿਊਜ਼' ਵਾਲੇ ਲਿੰਕ ਤੇ ਕਰਸਰ ਲੈ ਕੇ ਜਾਣ ਨਾਲ ਜਨਰਲ ਨਿਊਜ਼, ਸੇਵਾ, ਦਾ ਆਰਟਸ, ਰੀਵਿਊ, ਆਡੀਓ/ਵੀਡੀਓ, ਪਿਊਪਲ, ਫੂਡ ਐਂਡ ਹੈਲਥ ਨਾਮਕ ਵਿਸ਼ਿਆਂ ਦੀ ਸੂਚੀ ਖੁੱਲ੍ਹ ਜਾਂਦੀ ਹੈ। ਸੂਚੀ ਦੇ ਕਿਸੇ ਵੀ ਵਿਸ਼ੇ ਬਾਰੇ ਜਾਣਨ ਲਈ ਸਬੰਧਿਤ ਲਿੰਕ 'ਤੇ ਕਲਿੱਕ ਕੀਤਾ ਜਾ ਸਕਦਾ ਹੈ। 'ਲਾਈਫ਼ ਸਟਾਈਲ' ਵਾਲੇ ਲਿੰਕ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ, ਅਕਾਲ ਤਖ਼ਤ, ਅਨੰਦਪੁਰ ਸਾਹਿਬ, ਸ੍ਰੀ ਹਰਿਮੰਦਰ ਸਾਹਿਬ, ਹੇਮੰਤ ਸਾਹਿਬ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਸੇ ਪ੍ਰਕਾਰ ਲਿੰਕ ਤੇ ਸ. ਐਸ. ਐਸ. ਹਰਭਜਨ ਸਿੰਘ ਖ਼ਾਲਸਾ ਯੋਗੀ ਜੀ ਦੇ ਭਾਸ਼ਣ ਸੁਣਨ ਦੀ ਸੁਵਿਧਾ ਵੀ ਹੈ। 'ਕਮਿਊਨਿਟੀ' ਨਾਂ ਦੇ ਲਿੰਕ 'ਤੇ ਗੁਰਦੁਆਰਾ ਮੈਪ, ਈਵੈਂਟ ਕਲੰਡਰ, ਮਿਸਟਰ ਸਿੱਖ ਬਲੌਗ, ਸਿੱਖ ਡਾਇਰੈਕਟਰੀ ਅਤੇ 300 ਸਾਲਾ ਗੁਰਗੱਦੀ ਵਰ੍ਹੇ ਨਾਲ ਸਬੰਧਿਤ ਜਾਣਕਾਰੀ ਮਿਲਦੀ ਹੈ। ਜੇਕਰ ਤੁਸੀਂ ਗੁਰਬਾਣੀ ਨਾਲ ਸਬੰਧਿਤ ਆਡੀਓ ਤੇ ਵੀਡੀਓ ਫਾਈਲਾਂ ਪ੍ਰਾਪਤ ਕਰਨਾ ਚਾਹੁੰਦੇ ਹੋ, ਬੱਚਿਆ ਦੀਆਂ ਆਡੀਓ ਸਟੋਰੀਆਂ ਨਾਲ ਜੁੜਨਾ ਚਾਹੁੰਦੇ ਹੋ, ਡੀ. ਵੀ. ਡੀਸ ਤੇ ਸੀ. ਡੀਸ ਮੰਗਵਾਉਣਾ ਚਾਹੁੰਦੇ ਹੋ ਜਾਂ ਯੁਵਕ ਫ਼ਿਲਮਾਂ, ਤਿਉਹਾਰਾਂ ਬਾਰੇ ਜਾਣਨਾ/ਵੇਖਣਾ ਚਾਹੁੰਦੇ ਹੋ ਜਾਂ ਸਿੱਖ ਨੈੱਟ ਟੀ. ਵੀ. ਅਤੇ ਰੇਡੀਓ ਦਾ ਅਨੰਦ ਮਾਣਨਾ ਚਾਹੁੰਦੇ ਹੋ ਤਾਂ 'ਮੀਡੀਆ' ਨਾਮਕ ਲਿੰਕ ਤੇ ਕਲਿੱਕ ਕਰੋ। ਉਂਞ ਫ਼ਿਲਮ ਤਿਉਹਾਰ ਬਾਰੇ ਇੱਕ ਵੱਖਰਾ ਲਿੰਕ ਵੀ ਮੁਹੱਈਆ ਕਰਵਾਇਆ ਗਿਆ ਹੈ। ਇਸੇ ਪ੍ਰਕਾਰ ਕੁੱਝ ਲਿੰਕਸ ਦਾ ਦੁਹਰਾਓ ਵਰਤੋਂਕਾਰ ਨੂੰ ਭੁਲੇਖਾ ਜਿਹਾ ਪਾ ਦਿੰਦਾ ਹੈ। ਵੈੱਬਸਾਈਟ ਦੇ ਡਾਊਨਲੋਡ ਕਰਨ ਦੀ ਸਹੂਲਤ ਵੀ ਮੁਹੱਈਆ ਕਰਵਾਈ ਗਈ ਹੈ। 'ਡਾਊਨਲੋਡ' ਲਿੰਕ 'ਤੇ ਦਿਖਾਈ ਗਈ ਸੂਚੀ ਮੁਤਾਬਿਕ ਤੁਸੀਂ ਬੱਚਿਆਂ ਲਈ ਕਹਾਣੀਆਂ, ਰੇਡੀਓ ਆਈ ਫ਼ੋਨ/ਆਈ ਪੋਡ ਐਪਲੀਕੇਸ਼ਨ, ਬਾਣੀ, ਈ-ਰੀਡਿੰਗ ਲਈ ਬਾਣੀ, ਗੁਰਬਾਣੀ ਫੌਂਟ, ਸਕਰੀਨ ਸੇਵਰ, ਵਾਲ ਪੇਪਰ ਆਦਿ ਡਾਊਨਲੋਡ ਕਰ ਸਕਦੇ ਹੋ।

    gurugranthdarpan.com

    ਸ੍ਰੀ ਗੁਰੂ ਗ੍ਰੰਥ ਦਰਪਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ 'ਤੇ ਆਧਾਰਿਤ। ਇਸ ਵੈੱਬਸਾਈਟ ਵਿਚ ਪ੍ਰਸਿੱਧ ਟੀਕਾਕਾਰ ਪ੍ਰੋ. ਸਾਹਿਬ ਸਿੰਘ ਦੁਆਰਾ ਸੁਝਾਏ ਅਰਥ ਸ਼ਾਮਿਲ ਕੀਤੇ ਗਏ ਹਨ। ਵੈੱਬਸਾਈਟ ਦੇ ਇੱਕ ਪੰਨੇ ਤੇ ਪ੍ਰੋ. ਸਾਹਿਬ ਨੇ ਲਿਖਿਆ ਹੈ, ''1925 ਤੋਂ 1961 ਤੱਕ 36 ਸਾਲਾਂ ਵਿਚ ਇਹ ਸਾਰਾ ਟੀਕਾ ਲਿਖਣ ਦੇ ਕਾਰਨ ਮੇਰੀ ਲਿਖੀ ਪੰਜਾਬੀ ਬੋਲੀ ਵਿਚ ਭੀ ਕਾਫ਼ੀ ਫ਼ਰਕ ਪੈਂਦਾ ਆ ਰਿਹਾ ਹੈ। ਟੀਕੇ ਦੇ ਛਪਣਾ ਸ਼ੁਰੂ ਹੋਣ ਤੇ ਮੈਂ ਸਾਰੇ ਕੀਤੇ ਕੰਮ ਦੀ ਸੁਧਾਈ ਤਾਂ ਨਾਲੋਂ-ਨਾਲ ਕਰਦਾ ਜਾਵਾਂਗਾ, ਫਿਰ ਭੀ ਹੋ ਸਕਦਾ ਹੈ ਕਿ ਲਿਖਤ ਇੱਕ ਸਾਰ ਨਾ ਹੋ ਸਕੇ''। ਟੀਕਾਕਾਰ ਨੇ ਵਿਆਕਰਨਿਕ ਜੋੜਾਂ ਅਤੇ ਵੈੱਬ ਪੰਨਿਆਂ ਦੀ ਸਮੁੱਚੀ ਬਣਤਰ ਬਾਰੇ ਕੁੱਝ ਸੁਝਾਅ/ ਸਲਾਹ ਮਸ਼ਵਰੇ ਵੀ ਪੇਸ਼ ਕੀਤੇ ਹਨ। ਵੈੱਬਸਾਈਟ ਦੇ ਰਾਗ ਇੰਡੈੱਕਸ ਨਾਮਕ ਲਿੰਕ ਨਾਲ ਜੁੜ ਪੰਨੇ 'ਤੇ ਵਿਭਿੰਨ ਰਾਗਾਂ ਦਾ ਤੁਕ-ਤਤਕਰਾ ਮੁਹੱਈਆ ਕਰਵਾਇਆ ਗਿਆ ਹੈ। ਰਾਗ ਨਾਲ ਸਬੰਧਿਤ ਪੰਨੇ ਉੱਤੇ ਕਲਿੱਕ ਕਰ ਕੇ ਵਰਤੋਂਕਾਰ ਸਿੱਧਾ ਹੀ ਤੁਕ-ਤਤਕਰੇ ਤੇ ਪਹੁੰਚ ਸਕਦਾ ਹੈ। ਇਹ ਠੀਕ ਹੈ ਕਿ ਵੈੱਬਸਾਈਟ ਦੇ ਮੁੱਖ ਪੰਨੇ 'ਤੇ ਦਿਖਾਵਟ ਨੂੰ ਹੋਰ ਬਿਹਤਰ ਬਣਾਉਣ ਦੇ ਢੰਗ-ਤਰੀਕੇ ਦੱਸੇ ਗਏ ਹਨ ਪਰ ਜੇਕਰ ਪੂਰੀ ਵੈੱਬਸਾਈਟ ਯੂਨੀਕੋਡ (ਫੌਂਟ) ਵਿਚ ਹੁੰਦੀ ਤਾਂ ਫੌਂਟਾਂ ਦੀ ਸਮੱਸਿਆ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਸੀ।

    sikhitothemax.com

    ਇਸ ਵੈੱਬਸਾਈਟ ਵਿਚ ਗੁਰਬਾਣੀ, ਸਰਚ ਇੰਜਨ, ਸ੍ਰੀ ਗੁਰੂ ਗ੍ਰੰਥ ਸਾਹਿਬ, ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਅੰਮ੍ਰਿਤ ਕੀਰਤਨ ਦਾ ਤੁਕ-ਤਤਕਰਾ ਆਦਿ ਸ਼ਾਮਿਲ ਹੈ। ਵੈੱਬਸਾਈਟ ਵਿਚਲੇ ਪੰਜਾਬੀ ਦੇ ਪਾਠ (ਟੈਕਸਟ) ਨੂੰ 'ਗੁਰਬਾਣੀ ਵੈੱਬ ਥਿੱਕ' ਨਾਮਕ ਫੌਂਟ ਵਿਚ ਦਿਖਾਇਆ ਹੈ ਜਿਸ (ਫੌਂਟ) ਨੂੰ ਡਾਊਨਲੋਡ ਕਰਨ ਦੀ ਸੁਵਿਧਾ ਵੀ ਸਾਈਟ ਦੇ ਮੁੱਖ ਪੰਨੇ ਦੇ ਉੱਪਰਲੇ ਪਾਸੇ ਬਣੇ ਲਿੰਕ 'ਤੇ ਉਪਲਬਧ ਹੈ। ਜੇਕਰ ਤੁਹਾਨੂੰ ਗੁਰਮੁਖੀ ਲਿਪੀ ਦਾ ਗਿਆਨ ਨਹੀਂ ਤਾਂ ਤੁਸੀਂ ਰੋਮਨ ਲਿਪੀ ਦੀ ਵਰਤੋਂ ਰਾਹੀਂ ਸਰਚ ਇੰਜਨ ਤੋਂ ਜਾਣਕਾਰੀ ਦੀ ਭਾਲ ਕਰ ਸਕਦੇ ਹੋ। ਵੈੱਬਸਾਈਟ ਦੀ ਅੰਗਰੇਜ਼ੀ ਭਾਸ਼ਾ ਵਾਲੀ ਦਿੱਖ ਤੋਂ ਲੱਗਦਾ ਹੈ ਕਿ ਇਸ ਰਾਹੀਂ ਵਿਦੇਸ਼ਾਂ ਵਿਚ ਵੱਸਦੀ ਨਵੀਂ ਪੀੜ੍ਹੀ ਨੂੰ ਗੁਰਬਾਣੀ ਨਾਲ ਜੋੜਨ ਦਾ ਯਤਨ ਕੀਤਾ ਗਿਆ ਹੈ। ਸਰਚ ਇੰਜਨ ਰਾਹੀਂ ਕਿਸੇ ਅੱਖਰ, ਸ਼ਬਦ ਵਾਕਾਂਸ਼ ਜਾਂ ਪੰਕਤੀ ਦੇ ਆਧਾਰ 'ਤੇ ਵਿਸਥਾਰ ਸਹਿਤ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਵੈੱਬਸਾਈਟ ਵਿਚ ਖੋਜ ਨੂੰ ਸ਼ਬਦ, ਪੰਨਾ ਨੰਬਰ, ਰਾਗ ਅਤੇ ਲੇਖਕ ਦੇ ਨਾਮ ਦੇ ਆਧਾਰ 'ਤੇ ਸੀਮਤ ਕਰ ਕੇ ਵਰਤਿਆ ਜਾ ਸਕਦਾ ਹੈ। ਵੈੱਬਸਾਈਟ ਵਿਚ ਅੰਗਰੇਜ਼ੀ ਦੇ ਅੱਖਰਾਂ 'ਤੇ ਸਰਚ ਮਾਰ ਕੇ ਉਨ੍ਹਾਂ ਦੀ ਵਿਆਖਿਆ ਰੋਮਨ ਅਤੇ ਅੰਗਰੇਜ਼ੀ ਵਿਚ ਦੇਖਣ ਦੀ ਸੁਵਿਧਾ ਵੀ ਉਪਲਬਧ ਹੈ। ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਨਾਲ ਜੋੜਨ ਲਈ 'ਸੁਪਰ-ਸੰਤ' ਨਾਮ ਰਾਹੀਂ ਪ੍ਰਸ਼ਨਾਵਲੀ ਸ਼ਾਮਿਲ ਕੀਤੀ ਗਈ ਹੈ। ਇਸ ਪ੍ਰਸ਼ਨਾਵਲੀ ਵਿਚ ਪੰਜਾਬ ਦੇ ਇਤਿਹਾਸ, ਗੁਰੂ ਸਾਹਿਬਾਨਾਂ, ਸਿੱਖ ਧਰਮ ਬਾਰੇ ਅਤੇ ਹੋਰ ਮਹੱਤਵਪੂਰਨ ਵਿਸ਼ਿਆਂ ਬਾਰੇ ਆਨ-ਲਾਈਨ ਪ੍ਰਸ਼ਨ (ਗੇਮ) ਪੁੱਛੇ ਜਾਂਦੇ ਹਨ। ਵੈੱਬਸਾਈਟ ਵਿਚ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਤੁਕ-ਤਤਕਰਾ ਹਾਲਾਂ ਅਧੂਰਾ ਹੈ। ਇਸੇ ਪ੍ਰਕਾਰ ਅੰਮ੍ਰਿਤ ਕੀਰਤਨ ਦੇ ਤੁੱਕ-ਤਤਕਰੇ ਵਾਲੀ ਫਾਈਲ ਵੀ ਉਪਲਬਧ ਨਹੀਂ ਹੈ। ਵਰਤੋਂਕਾਰ ਸਪੇਸ ਵਾਲੀ ਵੈੱਬਸਾਈਟ ਨੂੰ ਮੁਫ਼ਤ ਵਿਚ ਡਾਊਨਲੋਡ ਕਰ ਕੇ ਆਪਣੇ ਕੰਪਿਊਟਰ 'ਤੇ ਚਲਾ ਸਕਦਾ ਹੈ। ਵੈੱਬਸਾਈਟ ਦੀ ਖ਼ਾਸ ਵਿਸ਼ੇਸ਼ਤਾ ਇਹ ਹੈ ਕਿ ਤਿਆਰ-ਕਰਤਾਵਾਂ ਨੇ ਇਸ ਨੂੰ ਇੱਕ ਪ੍ਰੋਫੈਸ਼ਨਲ ਲਹਿਜ਼ੇ ਨਾਲ ਤਿਆਰ ਕੀਤਾ ਹੈ ਜੋ ਕਿ ਵਰਤੋਂਕਾਰ ਨੂੰ ਆਕਰਸ਼ਿਤ ਕਰਦੀ ਹੈ।

    gurbanifiles.org

    ਇਸ ਵੈੱਬਸਾਈਟ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਵੱਖ-ਵੱਖ ਲਿਪੀਆਂ ਵਿਚ ਤਿਆਰ ਕੀਤੀਆਂ ਫਾਈਲਾਂ ਨੂੰ ਡਾਊਨਲੋਡ ਕਰਨ ਦੀ ਸੁਵਿਧਾ ਹੈ। ਵੈੱਬਸਾਈਟ ਦੇ ਮੁੱਖ ਪੰਨੇ 'ਤੇ ਡਾਊਨਲੋਡ ਕੀਤੀਆਂ ਜਾਣ ਵਾਲੀਆਂ ਫਾਈਲਾਂ ਨੂੰ ਵਪਾਰਿਕ ਮਕਸਦ ਲਈ ਵਰਤਣ ਤੋਂ ਪਹਿਲਾਂ ਲਿਖਤ ਪ੍ਰਵਾਨਗੀ ਲੈਣ ਦੀ ਹਦਾਇਤ ਕੀਤੀ ਗਈ ਹੈ। ਗੌਰਤਲਬ ਹੈ ਕਿ ਇਸ ਵੈੱਬਸਾਈਟ ਦੇ ਵਿਕਾਸ ਕਰਤਾ ਡਾ. ਕੁਲਬੀਰ ਸਿੰਘ ਥਿੰਦ ਨੇ ਸਾਲ 1995 ਵਿਚ ਪਹਿਲੀ ਗੁਰਬਾਣੀ ਦੀ ਸੀ ਡੀ ਤਿਆਰ ਕੀਤੀ ਸੀ ਜੋ ਸਿੱਖ ਸੰਗਤਾਂ ਲਈ ਕਾਫ਼ੀ ਫ਼ਾਇਦੇਮੰਦ ਸਾਬਤ ਹੋਈ। ਵੈੱਬਸਾਈਟ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਿਆਰੀ ਦੇ ਸਮੁੱਚੇ ਇਤਿਹਾਸ ਨੂੰ ਉਜਾਗਰ ਕੀਤਾ ਗਿਆ ਹੈ। ਵੈੱਬਸਾਈਟ ਦੇ ਮੁੱਖ ਪੰਨੇ 'ਤੇ ਦੋ ਹੋਰ ਵੈੱਬਸਾਈਟਾਂ nrisikhs.com ਅਤੇ iuscanada.com ਦਾ ਹਵਾਲਾ ਦਿੱਤਾ ਗਿਆ ਹੈ ਜੋ ਸਿੱਖ ਧਰਮ ਅਤੇ ਸਿੱਖੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਮੁਹੱਈਆ ਕਰਵਾਉਂਦੀਆਂ ਹਨ।
    ਵੈੱਬਸਾਈਟ ਦਾ ''ਯੂਨੀਕੋਡ/ਫੌਂਟ'' ਨਾਮ ਲਿੰਕ ਪੰਜਾਬੀ ਵਰਤੋਂਕਾਰਾਂ ਲਈ ਖ਼ਾਸ ਖਿੱਚ ਦਾ ਕੇਂਦਰ ਹੈ। ਇਸ ਲਿੰਕ ਨਾਲ ਸਬੰਧਿਤ ਪੰਨੇ ਉੱਤੇ ਯੂਨੀਕੋਡ ਪ੍ਰਣਾਲੀ, ਇਸ ਦੇ ਫ਼ਾਇਦੇ ਅਤੇ ਵਰਤੋਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਪੰਨੇ ਦੇ ਹੇਠਲੇ ਭਾਗ 'ਤੇ ਅਨੇਕਾਂ ਯੂਨੀਕੋਡ ਅਤੇ ਟੀ. ਟੀ. ਐਫ. ਫੌਂਟ ਡਾਊਨਲੋਡ ਕਰਨ ਦੀ ਵਿਵਸਥਾ ਹੈ। ਵੈੱਬ ਪੰਨੇ ਦੇ ਬਿਲਕੁਲ ਹੇਠਲੇ ਪਾਸੇ ਅਨਮੋਲ ਲਿਪੀ, ਡੀ. ਆਰ. ਚਾਤ੍ਰਿਕ ਵੈੱਬ ਅਤੇ ਅਸੀਸ ਆਧਾਰਤ ਯੂਨੀਕੋਡ ਕੀ-ਬੋਰਡ ਮੁਹੱਈਆ ਕਰਵਾਏ ਗਏ ਹਨ। ਇਹਨਾਂ ਯੂਨੀਕੋਡ ਦੀ ਕੀ-ਬੋਰਡਾਂ ਦੀ ਮਦਦ ਨਾਲ ਯੂਨੀਕੋਡ ਟਾਈਪਿੰਗ ਦੇ ਖੇਤਰ ਵਿਚ ਇੱਕ ਨਵੀਂ ਕ੍ਰਾਂਤੀ ਆਈ ਹੈ। ਜ਼ਾਹਿਰ ਹੈ ਕਿ ਵੈੱਬਸਾਈਟ ਵਿਚ ਗੁਰਮਤਿ ਗਿਆਨ ਦੇ ਨਾਲ-ਨਾਲ ਕੰਪਿਊਟਰ ਦੇ ਤਕਨੀਕੀ ਗਿਆਨ ਨੂੰ ਪੂਰੀ ਪ੍ਰਮੁੱਖਤਾ ਨਾਲ ਪੇਸ਼ ਕੀਤਾ ਹੈ।

    sridasam.org

    ਇਹ ਵੈੱਬਸਾਈਟ ਸ੍ਰੀ ਦਸਮ ਗ੍ਰੰਥ ਨਾਲ ਸਬੰਧਿਤ ਹੈ। ਵੈੱਬਸਾਈਟ ਵਿਚ ਸ੍ਰੀ ਦਸਮ ਗ੍ਰੰਥ ਵਿਚਲੀਆਂ ਬਾਣੀਆਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ। ਵੈੱਬਸਾਈਟ ਦੇ ਮੁੱਖ ਪੰਨੇ ਤੇ ਇੱਕ ਸ਼ਕਤੀਸ਼ਾਲੀ ਸਰਚ ਇੰਜਨ ਮੁਹੱਈਆ ਕਰਵਾਇਆ ਗਿਆ ਹੈ। ਇਸ ਸਰਚ ਇੰਜਨ ਵਿਚ ਪੰਨਾ-ਵਾਰ ਖੋਜ ਕਰਨ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਹਰੇਕ ਤੁਕ ਜਾਂ ਪੰਕਤੀ ਦਾ ਦੇਵਨਾਗਰੀ ਰੂਪ ਵੀ ਉਪਲਬਧ ਹੈ ਤੇ ਨਾਲ-ਨਾਲ ਅੰਗਰੇਜ਼ੀ ਵਿਚ ਵਿਆਖਿਆ ਵੀ ਕੀਤੀ ਗਈ ਹੈ। ਜੇਕਰ ਆਪ ਪੰਜਾਬੀ ਵਿਚ ਟਾਈਪ ਨਹੀਂ ਕਰ ਸਕਦੇ ਤਾਂ ਇੱਕ ਆਨ-ਸਕਰੀਨ ਕੀ-ਬੋਰਡ ਰਾਹੀਂ ਇਸ ਦਾ ਤੋੜ ਵੀ ਲੱਭ ਲਿਆ ਗਿਆ ਹੈ। ਇਹ ਵੈੱਬਸਾਈਟ ਪੂਰੀ ਤਰ੍ਹਾਂ ਯੂਨੀਕੋਡ ਫੌਂਟ ਵਿਚ ਡਿਜ਼ਾਈਨ ਕੀਤੀ ਗਈ ਹੈ ਜਿਸ ਕਾਰਨ ਇਸ ਦੀ ਸਮਗਰੀ ਨੂੰ ਸਰਚ ਇੰਜਨ ਰਾਹੀਂ ਲੱਭਣਾ ਬਹੁਤ ਆਸਾਨ ਹੈ।

    shabadvichar.net

    ਇਹ ਵੈੱਬਸਾਈਟ ਸਤਿਗੁਰੂ ਨੂੰ ਮਿਲਣ ਦੀ ਤਾਂਘ ਰੱਖਣ ਵਾਲੇ ਵਰਤੋਂਕਾਰ ਨੂੰ ਸਮਰਪਿਤ ਹੈ। ਵੈੱਬਸਾਈਟ ਦੇ 'ਮਲਟੀਮੀਡੀਆ' ਵਾਲੇ ਲਿੰਕ ਤੇ ਕਥਾ ਵਿਚਾਰ, ਸ਼ਬਦ ਕੀਰਤਨ, ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਆਡੀਓ ਅਤੇ ਕਈ ਮਹੱਤਵਪੂਰਨ ਲੇਖ ਉਪਲਬਧ ਹਨ। ਇਹ ਵੈੱਬਸਾਈਟ ਸਿੱਖ ਸੰਗਤਾਂ ਦਰਮਿਆਨ ਵਿਚਾਰ ਪ੍ਰਵਾਹ ਲਈ ਬਲੌਗ ਦੀ ਸੁਵਿਧਾ ਵੀ ਮੁਹੱਈਆ ਕਰਵਾਉਂਦੀ ਹੈ। ਵੈੱਬਸਾਈਟ ਵਿਚ ਮੁਹੱਈਆ ਕਰਵਾਈ ਐਸ. ਐਮ. ਐਸ ਦੀ ਸੁਵਿਧਾ ਵਰਤੋਂਕਾਰਾਂ ਲਈ ਨਿਵੇਕਲੀ ਤੇ ਲਾਭਕਾਰੀ ਸਿੱਧ ਹੋ ਸਕਦੀ ਹੈ। ਗੁਰਬਾਣੀ ਐਸ. ਐਮ. ਐਸ ਦੇ ਨਾਂ ਦੇ ਲਿੰਕ ਤੇ ਕਲਿੱਕ ਕਰਦਿਆਂ ਤੁਹਾਨੂੰ ਵਿਸ਼ੇ ਨਾਲ ਸਬੰਧਿਤ ਅਨੇਕਾਂ ਸ਼ਾਰਟ ਮੈਸੇਜ ਮਿਲਣਗੇ ਜਿਨ੍ਹਾਂ ਨੂੰ ਤੁਸੀਂ ਆਪਣੇ ਮੋਬਾਈਲ ਰਾਹੀਂ ਦੂਸਰਿਆਂ ਨੂੰ ਭੇਜ ਸਕਦੇ ਹੋ। ਜੇਕਰ ਤੁਸੀਂ ਗੁਰਮਤ ਵਿਚਾਰਾਂ ਨੂੰ ਆਪਣੀ ਈ-ਮੇਲ ਤੇ ਪੜ੍ਹਨਾ ਚਾਹੁੰਦੇ ਹੋ ਤਾਂ ਵੈੱਬਸਾਈਟ ਦੇ ਮੁੱਖ ਪੰਨੇ ਤੇ ਸੱਜੇ ਪਾਸੇ ਦਾ 'ਨਿਊਜ਼ ਲੈਟਰ ਸਾਈਨ-ਅਪ' ਹਿੱਸਾ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ। ਇਸ ਭਾਗ ਵਿਚ ਦਰਸਾਈਆਂ ਥਾਵਾਂ ਤੇ ਨਾਮ ਈ-ਮੇਲ ਪਤਾ, ਸ਼ਹਿਰ ਦਾ ਨਾਮ ਅਤੇ ਮੋਬਾਈਲ ਨੰਬਰ ਟਾਈਪ ਕਰਨ ਉਪਰੰਤ 'ਸਬ-ਸਕਰਾਈਬ' ਬਟਨ ਉੱਤੇ ਕਲਿੱਕ ਕਰਨ ਤੇ ਤੁਸੀਂ ਰਜਿਸਟਰ ਹੋ ਜਾਵੋਗੇ। ਹੁਣ ਤੁਹਾਨੂੰ ਗੁਰਬਾਣੀ ਬਾਰੇ ਸ਼ਾਰਟ ਮੈਸੇਜ ਈ-ਮੇਲ ਰਾਹੀਂ ਆਪਣੇ-ਆਪ ਆਉਣੇ ਸ਼ੁਰੂ ਹੋ ਜਾਣਗੇ। ਵੈੱਬਸਾਈਟ ਦਾ ਪੰਜਾਬੀ ਟੈਕਸਟ'ਵੈੱਬ ਅੱਖਰ ਹੈਵੀ' ਫੌਂਟ ਵਿਚ ਹੈ ਜਿਹੜਾ ਕਿ ਵੈੱਬ ਪੰਨੇ 'ਤੇ ਸਹੀ ਨਜ਼ਰ ਨਹੀਂ ਆਉਂਦਾ। ਇਸ ਨੂੰ ਯੂਨੀਕੋਡ ਦੀ ਪੁਸ਼ਾਕ ਪਹਿਨਾ ਕੇ ਪੇਸ਼ ਕੀਤਾ ਜਾਂਦਾ ਤਾਂ ਜ਼ਿਆਦਾ ਚੰਗਾ ਹੋਣਾ ਸੀ।

    satnaam.info

    ਜੇਕਰ ਤੁਸੀਂ ਖੋਜ ਭਰਪੂਰ ਅਧਿਆਤਮਕ ਲੇਖ ਪੜ੍ਹਨਾ ਚਾਹੁੰਦੇ ਹੋ ਤਾਂ ਸਿੱਧਾ 'ਸਤਨਾਮ ਡਾਟ ਇਨਫੋ' ਵੈੱਬਸਾਈਟ ਉੱਤੇ ਜਾਵੋ। ਇਸ ਵੈੱਬਸਾਈਟ ਦਾ ਮੁੱਖ ਪੰਨਾ ਵੱਖ-ਵੱਖ ਲੇਖਾਂ ਦੇ ਸਿਰਲੇਖਾਂ ਨਾਲ ਭਰਿਆ ਹੋਇਆ ਹੈ। ਇਹਨਾਂ ਵਿਚੋਂ ਪ੍ਰਮੁੱਖ ਸਿਰਲੇਖ ਹਨ- ਸੁਖਮਨੀ ਸਾਹਿਬ, ਗੁਰਮੁਖ, ਧਰਮ ਕੇ ਭਰਮ, ਨਾਮ ਸਿਮਰਨ, ਸੱਚ ਖੰਡ, ਇੱਕ ਸ਼ੁੱਧ ਮੰਨ ਲਈ ਲਾਜ਼ਮੀ ਗੁਣ, ਅਨੰਦ ਕਾਰਜ, ਸੰਤ ਮਾਰਗ, ਸਤਿਗੁਰੂ। ਵੈੱਬਸਾਈਟ ਉੱਤੇ ਦਰਸਾਈ ਜਾਣਕਾਰੀ ਅਨੁਸਾਰ ਗੁਰਬਾਣੀ ਦਾ ਅਧਿਆਤਮਕ ਗਿਆਨ ਬਾਰੇ ਕੋਈ ਸਵਾਲ ਪੁੱਛਣ ਲਈ ਦੱਸੇ ਨਿਰਧਾਰਿਤ ਸਮੇਂ 'ਤੇ ਚੈਟਿੰਗ ਕੀਤੀ ਜਾ ਸਕਦੀ ਹੈ ਜਾਂ ਫਿਰ ਈ-ਮੇਲ ਸੰਦੇਸ਼ ਭੇਜਿਆ ਜਾ ਸਕਦਾ ਹੈ।

    ਹੋਰ ਵੈੱਬ ਸਰੋਤ

    ਇਸ ਤੋਂ ਇਲਾਵਾ sikhiwiki.org, punjabi.webdunia.com (ਲਿੰਕ: ਧਰਮ ਦਰਸ਼ਨ > ਸਿੱਖ-ਮਤ), pa.wikipedia.org (ਸਰਚ ਬਾਕਸ ਵਿਚ 'ਗੁਰਬਾਣੀ' ਟਾਈਪ ਕਰ ਕੇ), ggssc.net, ihues.com (ਲਿੰਕ: ਲਾਈਵ ਕੀਰਤਨ, ਗੁਰੂ ਗ੍ਰੰਥ ਸਾਹਿਬ, ਗੁਰਬਾਣੀ ਪਾਠ ਆਦਿ), sikhmarg.com, punjabisukhan.com (ਲਿੰਕ: ਸੱਜੇ ਹੱਥ 'ਗੁਰਬਾਣੀ ਵਿਚਾਰ'), sikhpress.com (ਲਿੰਕ: ਗੁਰਮਤਿ ਵਿਚਾਰ), sikhyouth.com (ਲਿੰਕ: ਅਬਾਉਟ ਸਿੱਖਸ) ਆਦਿ ਅਹਿਮ ਜਾਣਕਾਰੀ ਪ੍ਰਦਾਨ ਕਰਵਾਉਂਦੀਆਂ ਹਨ। ਹਿੰਦੀ ਭਾਸ਼ਾ ਵਿਚ ਗੁਰਬਾਣੀ ਦੇ ਅਧਿਐਨ/ਅਧਿਆਪਨ ਲਈ hi.wikipedia.org (ਸਰਚ ਬਾਕਸ ਵਿਚ 'ਸਿੱਖ ਧਰਮ' ਟਾਈਪ ਕਰ ਕੇ), dharm.raftaar.in (ਲਿੰਕ: ਸਿੱਖ ਧਰਮ), hindi.webdunia.com (ਲਿੰਕ: ਧਰਮ ਸੰਸਾਰ) ਆਦਿ ਵੈੱਬਸਾਈਟਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।

    No comments:

    Post a Comment

    Note: only a member of this blog may post a comment.